ਗੁਰੂਸਰ ਦੀ ਜੰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 1631 ਵਿੱਚ ਮਹਿਰਾਜ ਦੇ ਨੇੜੇ ਲਾਲਾ ਬੇਗ ਅਤੇ ਕਮਰ ਬੇਗ ਨਾਲ ਲੜੀ ਗਈ ਤੀਜੀ ਜੰਗ ਸੀ।
ਭਾਰੀ ਅਸਮਾਨਤਾ ਦੇ ਬਾਵਜੂਦ ਇਸ ਜੰਗ ਵਿੱਚ ਮੁਗ਼ਲਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਗਿਆ। ਮੁਗ਼ਲਾਂ ਦੀ ਫ਼ੌਜ 35,000 ਦੀ ਸੀ ਜਦਕਿ ਗੁਰੂ ਹਰਗੋਬਿੰਦ ਵਾਲੇ ਪਾਸੇ ਸਿਰਫ਼ 4,000 ਸਨ। ਜੰਗ ਸਰਦੀ ਦੇ ਮੌਸਮ ਵਿੱਚ ਲੜੀ ਗਈ ਅਤੇ ਗੁਰੂ ਜੀ ਨੇ ਸਭ ਕੁਝ ਪਹਿਲਾਂ ਤੋਂ ਵਿਉਂਤਿਆ ਹੋਇਆ ਸੀ।
ਗੁਰੂ ਹਰਗੋਬਿੰਦ ਦੇ ਘੋੜੇ ਮੁਗ਼ਲਾਂ ਨੇ ਖੋਹ ਲਏ ਸਨ ਅਤੇ ਗੁਰਸਿੱਖ ਭਾਈ ਬਿਧੀ ਚੰਦ ਨੇ ਉਨ੍ਹਾਂ ਨੂੰ ਵਾਪਸ ਛੁਡਵਾਇਆ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1631 ਦੀ ਗੁਰੂਸਰ ਜੰਗ ਤੋਂ ਪਹਿਲਾਂ (ਅਤੇ ਬਾਅਦ ਵਿੱਚ ਵੀ) ਨਥਾਣਾ ਆਏ ਸਨ।
ਭਾਈ ਕਾਲੂ ਨਾਥ ਗੁਰੂ ਹਰਗੋਬਿੰਦ ਦੇ ਸਿੱਖ ਸਨ ਅਤੇ ਨਥਾਣਾ ਵਿੱਚ ਰਹਿੰਦੇ ਸਨ। ਭਾਈ ਕਾਲੂ ਨੇ ਜੰਗ ਦੌਰਾਨ ਸਿੱਖ ਫ਼ੌਜ ਨੂੰ ਭੋਜਨ ਅਤੇ ਦੁੱਧ ਦੀ ਸੇਵਾ ਕੀਤੀ। ਸਿੱਖਾਂ ਦੇ ਸ਼ਸਤਰ ਇੱਥੇ ਹੀ ਰੱਖੇ ਗਏ ਸਨ।