ਲੰਮੀ ਘੇਰਾਬੰਦੀ ਦੇ ਦਬਾਅ ਹੇਠ, ਭੋਜਨ ਤੇ ਗੋਲਾ-ਬਾਰੂਦ ਮੁੱਕ ਜਾਣ 'ਤੇ, ਗੁਰੂ ਗੋਬਿੰਦ ਸਿੰਘ ਅਤੇ 400 ਸਿੱਖਾਂ ਨੇ ਦਸੰਬਰ 1704 ਦੀ ਕੜਾਕੇ ਦੀ ਠੰਢੀ ਅਤੇ ਬਰਸਾਤੀ ਰਾਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਛੱਡਿਆ।
ਮੁਗ਼ਲਾਂ ਅਤੇ ਅਜਮੇਰ ਚੰਦ ਦੇ ਰਾਜਪੂਤ ਪਹਾੜੀ ਸਰਦਾਰਾਂ ਦੀ ਟੋਲੀ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸੁਰੱਖਿਅਤ ਨਿਕਲਣ ਦਾ ਰਾਹ ਕੁਰਾਨ ਦੀ ਸਹੁੰ 'ਤੇ ਦੇਣ ਦਾ ਵਾਅਦਾ ਕੀਤਾ ਸੀ, ਜਿਸ ਸਹੁੰ 'ਤੇ ਬਾਦਸ਼ਾਹ ਔਰੰਗਜ਼ੇਬ ਦੇ ਦਸਤਖ਼ਤ ਸਨ, ਅਤੇ ਰਾਜਪੂਤ ਸਰਦਾਰਾਂ ਨੇ ਗੀਤਾ ਤੇ ਗਊ (ਜਿਸ ਨੂੰ ਹਿੰਦੂ ਪਵਿੱਤਰ ਮੰਨਦੇ ਹਨ) ਦੀ ਸਹੁੰ ਵੀ ਖਾਧੀ ਸੀ।
ਪਰ ਉਨ੍ਹਾਂ ਦੀਆਂ ਆਪੋ-ਆਪਣੀਆਂ 'ਪਵਿੱਤਰ' ਸਹੁੰਆਂ ਬੇਮਾਅਨੀ ਸਾਬਤ ਹੋਈਆਂ, ਕਿਉਂਕਿ ਸਿੱਖਾਂ ਦੇ ਆਪਣੇ ਅਭੇਦ ਕਿਲ੍ਹੇ ਦੀ ਸੁਰੱਖਿਆ ਛੱਡਦਿਆਂ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਕੀਤੇ ਵਾਅਦਿਆਂ ਨਾਲ ਧੋਖਾ ਕਰਨ ਵਿੱਚ ਦੇਰ ਨਹੀਂ ਲਾਈ।
ਸਵੇਰ ਦੇ ਤੜਕੇ ਸਰਸਾ ਨਦੀ 'ਤੇ ਵਜ਼ੀਰ ਖ਼ਾਨ ਦੀ ਕਮਾਨ ਹੇਠ ਮੁਗ਼ਲ ਫ਼ੌਜ ਨੇ ਸੁਰੱਖਿਅਤ ਰਾਹ ਦੀ ਆਪਣੀ ਸਹੁੰ ਤੋੜਦੇ ਹੋਏ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਿੱਖਾਂ 'ਤੇ ਹਮਲਾ ਕਰ ਦਿੱਤਾ। ਠੰਢ ਅਤੇ ਹਨੇਰੇ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਦੀ ਅਫ਼ਰਾ-ਤਫ਼ਰੀ ਵਿੱਚ ਅਨੇਕਾਂ ਸਿੱਖ ਸ਼ਹੀਦ ਹੋ ਗਏ।
ਦਲੇਰ ਸਿੰਘਾਂ ਦੀ ਇੱਕ ਛੋਟੀ ਟੁਕੜੀ ਨੇ ਮੁਗ਼ਲ ਅਤੇ ਰਾਜਪੂਤ ਫ਼ੌਜਾਂ ਦੀ ਸਾਂਝੀ ਤਾਕਤ ਨਾਲ ਟੱਕਰ ਲਈ ਅਤੇ ਉਨ੍ਹਾਂ ਨੂੰ ਰੋਕੀ ਰੱਖਿਆ, ਜਦਕਿ ਬਾਕੀ ਸਿੱਖ, ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦਾ ਪਰਿਵਾਰ ਜੰਗ ਦੀ ਤਪਸ਼ ਵਿੱਚ ਨਦੀ ਪਾਰ ਕਰ ਗਏ। ਠੰਢੀ ਨਦੀ ਪਾਰ ਕਰਦਿਆਂ ਅਨੇਕਾਂ ਸਿੱਖ ਨਦੀ ਦੇ ਵਹਾਅ ਵਿੱਚ ਰੁੜ੍ਹ ਗਏ ਅਤੇ ਪ੍ਰਾਣ ਤਿਆਗ ਗਏ।